Jogi Bhutal 30 Mar 2023 शायरी प्यार-महोब्बत Love shayeri Jogi Bhutal 78225 0 Hindi :: हिंदी
ਸਭ ਫੁੱਲ ਮੇਰੇ ਨਾਲ਼ ਗੁੱਸੇ ਨੇ
ਸਭ ਫੁੱਲ ਮੇਰੇ ਨਾਲ਼ ਗੁੱਸੇ ਨੇ
ਮੈਂ ਕਲੀਆਂ ਤੇ ਤੇਰਾ ਨਾਂ ਲਿੱਖਤਾ
ਕਰੀ ਜਾਣ ਬਗਾਵਤ ਜੇ ਕਰਦੇ
ਮੈਨੂੰ ਸੋਹਣਾ ਲੱਗਿਆ ਤਾਂ ਲਿਖਤਾ
ਮੈਂ ਕੋਲ਼ ਬੁਲਾਕੇ ਤਿੱਤਲੀਆਂ ਨੂੰ
ਕੁੱਲ ਮਹਿਕ ਚੁਰਾ ਲਈ ਫੁੱਲਾਂ ਦੀ
ਨਹੀਂ ਕਰਦਾ ਏ ਗੁਸਤਾਖੀ ਫਿਰ
ਝੂੱਠੀ ਸੌਹ ਵੀ ਖਾ ਲਈ ਫੁੱਲਾਂ ਦੀ
ਤੇਰੇ ਨਾਂ ਦੇ ਹਰ ਇੱਕ ਅੱਖਰ ਵਿੱਚ
’ਕੱਠੀ ਕੀਤੀ ਖ਼ੂਸਬੂ ਪਾ ਲਿਖਤਾ
ਸਭ ਫੁੱਲ ਮੇਰੇ ਨਾਲ਼ ਗੁੱਸੇ ਨੇ
ਮੈਂ ਕਲੀਆਂ ਤੇ ਤੇਰਾ ਨਾਂ ਲਿੱਖਤਾ
ਜਦ ਕੋਲ ਬੁਲਾਇਆ ਭੋਰਿਆਂ ਨੂੰ
ਉਹ ਦੇ ਗਏ ਝੱਟ ਜਵਾਬ ਮੈਨੂੰ
ਰੰਗ ਭਰਨ ਲਈ ਤੇਰੇ ਨਾਂ ਵਿੱਚ ਨੀ
ਸੀ ਚਾਹੀਦਾ ਰਸ ਗੁਲਾਬ ਮੈਨੂੰ (ਗੁਲਾਬ ਜਲ)
ਉਹ ਫੁੱਲ ਤੋੜਨੋ ਮੁੱਕਰ ਗਏ
ਮੈਂ ਸ਼ਬਨਮ ਵਿੱਚ ਮਿਲਾ ਲਿਖਤਾ
ਸਭ ਫੁੱਲ ਮੇਰੇ ਨਾਲ਼ ਗੁੱਸੇ ਨੇ
ਮੈਂ ਕਲੀਆਂ ਤੇ ਤੇਰਾ ਨਾਂ ਲਿਖਤਾ
ਮੈਂ ਆਖਿਆ ਫੇਰ ਹਵਾਵਾਂ ਨੂੰ
ਮੂੰਹ ਏਧਰ ਕਰਦੋ ਫੁੱਲਾਂ ਦਾ
ਗਈਆਂ ਝੱਟ ਹਵਾਵਾਂ ਬਦਲ ਦਿਸ਼ਾ
ਮੂੰਹ ਏਧਰ ਕਰਤਾ ਫੁੱਲਾਂ ਦਾ
ਮੈਂ ਖ਼ੂਬ ਮਚਾਇਆ ਫੁੱਲਾਂ ਨੂੰ
ਹਰ ਫੁੱਲ ਸ਼ਰੀਕ ਬਣਾ ਲਿਖਤਾ
ਸਭ ਫੁੱਲ ਮੇਰੇ ਨਾਲ਼ ਗੁੱਸੇ ਨੇ
ਮੈਂ ਕਲੀਆਂ ਤੇ ਤੇਰਾ ਨਾਂ ਲਿਖਤਾ
ਮੈਂ ਫੇਰ ਬੁਲਾਇਆ ਕੰਡਿਆਂ ਨੂੰ
ਸਭ ਇੱਕ-ਇੱਕ ਕਰ ਸਮਝਾ ਦਿੱਤੇ
ਕੋਈ ਮੇਟ ਨਾ ਦੇਵੇ ਨਾਂ ਤੇਰਾ
ਉਹ ਪਹਿਰੇਦਾਰ ਖੜਾ ਦਿੱਤੇ
ਜੇ ਚਿੜੀਆਂ ਖਾਣ ਪਰਾਗ ਆਈਆਂ
ਕੋਲ ਲੱਗਣ ਨਾ ਸਮਝਾ ਲਿਖਤਾ
ਸਭ ਫੁੱਲ ਮੇਰੇ ਨਾਲ਼ ਗੁੱਸੇ ਨੇ
ਮੈਂ ਕਲੀਆਂ ਤੇ ਤੇਰਾ ਨਾਂ ਲਿੱਖਤਾ
ਅੰਤ ਸ਼ਾਖਸ ਮੰਨਕੇ ਰੁੱਖਾਂ ਨੂੰ
ਪੂਰਾ ਲਿੱਖ ਕੇ ਤੇਰਾ ਨਾ ਮੰਗ ਲਈ
ਕੋਈ ਦੁੱਖ ਤੈਨੂੰ ਕਦੇ ਨਾ ਆਵੇ
ਮੈ ਰੱਬ ਤੋਂ ਇੱਕ ਦੁਆ ਮੰਗ ਲਈ
ਤੇਰੇ ਨਾਮੇ ਕੱਲਾ-ਕੱਲਾ ਨੀ
ਜੋਗੀ ਨੇ ਆਪਣਾ ਸਾਹ ਲਿਖਤਾ
ਸਭ ਫੁੱਲ ਮੇਰੇ ਨਾਲ਼ ਗੁੱਸੇ ਨੇ
ਮੈਂ ਕਲੀਆਂ ਤੇ ਤੇਰਾ ਨਾਂ ਲਿਖਤਾ
ਕਰੀ ਜਾਣ ਬਗਾਵਤ ਜੇ ਕਰਦੇ
ਮੈਨੂੰ ਸੋਹਣਾ ਲੱਗਿਆ ਤਾਂ ਲਿਖਤਾ
ਜੋਗੀ ਭੁਟਾਲ